ਜ਼ਮੀਨ ਦੀ ਵੱਟ ਦੇ ਰੌਲੇ ਨੂੰ ਲੈ ਕੇ ਗੋਲੀ ਮਾਰ ਕੇ ਨੌਜਵਾਨ ਦਾ ਕਤਲ
- ਲਾਇਸੈਂਸੀ 12 ਬੋਰ ਰਾਈਫਲ ਨਾਲ ਗੋਲੀ ਚਲਾਉਣ ਦਾ ਦੋਸ਼, ਮੁਲਜ਼ਮ ਨੇ ਥਾਣੇ ਪਹੁੰਚ ਕੇ ਕੀਤਾ ਸਰੈਂਡਰ
Youth shot dead over land dispute: ਸੰਗਰੂਰ : ਸੰਗਰੂਰ ਜ਼ਿਲ੍ਹੇ ਦੇ ਥਾਣਾ ਲਹਿਰਾ ਅਧੀਨ ਪੈਂਦੇ ਦਸ਼ਮੇਸ਼ ਨਗਰ ਕੋਠੇ ਡਸਕਾ ਵਿੱਚ ਜ਼ਮੀਨ ਦੀ ਵੱਟ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਖੂਨੀ ਰੂਪ ਧਾਰ ਲਿਆ। ਇੱਥੇ ਗੋਲੀ ਲੱਗਣ ਕਾਰਨ ਪ੍ਰਕਾਸ਼ ਸਿੰਘ ਦੀ ਮੌਤ ਹੋ ਗਈ। ਪੁਲਿਸ ਮੁਤਾਬਕ, ਪ੍ਰਕਾਸ਼ ਸਿੰਘ ਅਤੇ ਬੂਟਾ ਸਿੰਘ ਵਿਚਕਾਰ ਜ਼ਮੀਨ ਦੀ ਵੱਟ ਨੂੰ ਲੈ ਕੇ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਬੂਟਾ ਸਿੰਘ ਨੇ ਆਪਣੀ ਲਾਇਸੈਂਸੀ 12 ਬੋਰ ਰਾਈਫਲ ਨਾਲ ਪ੍ਰਕਾਸ਼ ਸਿੰਘ ’ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਾਰਨ ਪ੍ਰਕਾਸ਼ ਸਿੰਘ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਪ੍ਰਕਾਸ਼ ਸਿੰਘ ਪੁੱਤਰ ਨੇਕ ਸਿੰਘ, ਵਾਸੀ ਬਹਾਦਰਪੁਰ, ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਥਾਣਾ ਲਹਿਰਾ ਦੇ ਐੱਸਐੱਚਓ ਜਸਕਰਨ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਬੂਟਾ ਸਿੰਘ ਖੁਦ ਥਾਣਾ ਲਹਿਰਾ ਪਹੁੰਚਿਆ ਅਤੇ ਪੁਲਿਸ ਅੱਗੇ ਸਰੈਂਡਰ ਕਰ ਦਿੱਤਾ।
ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਅਦਾਲਤੀ ਕਾਰਵਾਈ ਤੋਂ ਬਾਅਦ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।
