ਨੀਲੇ ਡਰੰਮ ਵਾਲੇ ਸੌਰਭ ਕਤਲਕਾਂਡ ’ਚ ਮੁਸਕਾਨ ਤੇ ਸਾਹਿਲ ਦੋਸ਼ੀ ਕਰਾਰ
Muskaan Sahil guilty in Blue Drum murder case: ਮੇਰਠ: ਚਰਚਿਤ ਸੌਰਭ ਰਾਜਪੂਤ ਕਤਲਕਾਂਡ ਵਿੱਚ ਬੁੱਧਵਾਰ ਨੂੰ ਅਦਾਲਤ ਨੇ ਮੁਲਜ਼ਮ ਪਤਨੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋਵਾਂ ਨੇ ਮਿਲ ਕੇ ਸੌਰਭ ਦੀ ਹੱਤਿਆ ਕੀਤੀ ਅਤੇ ਬਾਅਦ ਵਿੱਚ ਲਾਸ਼ ਨੂੰ ਛੁਪਾਇਆ। ਦੋਵਾਂ ਦੀ ਸਜ਼ਾ ਦਾ ਐਲਾਨ 15 ਦਿਨ ਬਾਅਦ ਕੀਤਾ ਜਾਵੇਗਾ।
ਫੈਸਲੇ ਤੋਂ ਪਹਿਲਾਂ ਮੁਸਕਾਨ ਅਤੇ ਸਾਹਿਲ ਜੇਲ੍ਹ ਵਿੱਚ ਬੇਚੈਨ ਨਜ਼ਰ ਆਏ। ਦੱਸਿਆ ਗਿਆ ਕਿ ਮੁਸਕਾਨ ਪਿਛਲੇ ਤਿੰਨ ਦਿਨਾਂ ਤੋਂ ਜੇਲ੍ਹ ਵਿੱਚ ਪੂਜਾ ਕਰ ਰਹੀ ਸੀ, ਜਦਕਿ ਸਾਹਿਲ ਨੇ ਹੋਰ ਕੈਦੀਆਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ ਅਤੇ ਜੇਲ੍ਹ ਕਰਮਚਾਰੀਆਂ ਤੋਂ ਫੈਸਲੇ ਬਾਰੇ ਪੁੱਛਦਾ ਰਿਹਾ।
ਇਹ ਮਾਮਲਾ 3 ਮਾਰਚ 2025 ਦਾ ਹੈ। ਪੁਲਿਸ ਮੁਤਾਬਕ ਮੁਸਕਾਨ ਅਤੇ ਸਾਹਿਲ ਨੇ ਸੌਰਭ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕਰਕੇ ਉਨ੍ਹਾਂ ਨੂੰ ਡਰੰਮ ਵਿੱਚ ਛੁਪਾ ਦਿੱਤਾ ਸੀ। ਕਰੀਬ 15 ਦਿਨ ਬਾਅਦ ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਜੁਲਾਈ 2025 ਵਿੱਚ ਜ਼ਿਲ੍ਹਾ ਜੱਜ ਦੀ ਅਦਾਲਤ ਵਿੱਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਸੀ। ਪੁਲਿਸ ਨੇ ਕਰੀਬ 1,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। 126 ਤਰੀਕਾਂ ਦੌਰਾਨ 22 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ। 19 ਸਤੰਬਰ ਨੂੰ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
