ਮਨਪ੍ਰੀਤ ਬਾਦਲ ਦੀ ਧੀ ਦੇ ਵਿਆਹ ਸਮਾਗਮ ’ਚ ਪਹੁੰਚੇ PM ਮੋਦੀ, ਨਵ-ਵਿਆਹੁਤਾ ਜੋੜੇ ਨੂੰ ਦਿੱਤਾ ਆਸ਼ੀਰਵਾਦ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਦੀ ਧੀ ਰੀਆ ਬਾਦਲ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਨਵ-ਵਿਆਹੁਤਾ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਰੀਆ ਬਾਦਲ ਦਾ ਵਿਆਹ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾ. ਕਰਨ ਸਿੰਘ ਦੇ ਪੋਤੇ ਆਰ.ਕੇ. ਮਾਰਤੰਡ ਸਿੰਘ ਨਾਲ ਹੋਇਆ ਹੈ। ਮਾਰਤੰਡ ਸਿੰਘ ਜੰਮੂ-ਕਸ਼ਮੀਰ ਦੇ ਆਗੂ ਵਿਕਰਮਾਦਿੱਤਿਆ ਸਿੰਘ ਦੇ ਪੁੱਤਰ ਹਨ।
ਦਿੱਲੀ ਦੇ ਲੁਟੀਅਨਜ਼ ਇਲਾਕੇ ਵਿੱਚ ਕਰਵਾਏ ਗਏ ਰਿਸੈਪਸ਼ਨ ਸਮਾਗਮ ਵਿੱਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਸੀਨੀਅਰ ਆਗੂਆਂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਵਿੱਚ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਬਿਕਰਮ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਵੀ ਮੌਜੂਦ ਸਨ।
ਇਹ ਰਿਸੈਪਸ਼ਨ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈ ਇੰਦਰ ਕੌਰ ਦੀ ਨਿੱਜੀ ਰਿਹਾਇਸ਼ ’ਤੇ ਰੱਖੀ ਗਈ ਸੀ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਵੀ ਵਿਆਹ ਸਬੰਧੀ ਸਮਾਗਮ ਕਰਵਾਇਆ ਗਿਆ ਸੀ। ਜ਼ਿਕਰਯੋਗ ਹੈ ਕਿ ਇਸ ਵਿਆਹ ਸਮਾਗਮ ਵਿੱਚ ਪੰਜਾਬ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਮੌਜੂਦਗੀ ਵੀ ਚਰਚਾ ਦਾ ਵਿਸ਼ਾ ਬਣੀ ਰਹੀ।