ਚੰਡੀਗੜ੍ਹ ‘ਚ ਬੰਬ ਧਮਾਕਿਆਂ ਦੀ ਧਮਕੀ, ਬੈਂਕ ਆਫ਼ ਇੰਡੀਆ ਨੂੰ ਮਿਲੀ ਧਮਕੀ ਭਰੀ ਈਮੇਲ
Chandigarh Banks Bomb Threat ; ਬੈਂਕ ਆਫ਼ ਇੰਡੀਆ ਦੀ ਚੰਡੀਗੜ੍ਹ ਬ੍ਰਾਂਚ ਨੂੰ ਭੇਜੀ ਗਈ ਇੱਕ ਈਮੇਲ ਵਿੱਚ ਚੰਡੀਗੜ੍ਹ ਅਤੇ ਮੋਹਾਲੀ ਦੇ ਕਈ ਸਥਾਨਾਂ ‘ਤੇ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਈਮੇਲ ਮੁਤਾਬਕ, ਚੰਡੀਗੜ੍ਹ ਦੇ ਬੈਂਕਾਂ ਅਤੇ ਨਗਰ ਨਿਗਮ ਦੇ ਮੇਅਰ ਦਫ਼ਤਰ ਵਿੱਚ ਦੁਪਹਿਰ 1:11 ਵਜੇ, ਜਦਕਿ ਮੋਹਾਲੀ ਏਅਰਪੋਰਟ ‘ਤੇ ਰਾਤ 9:11 ਵਜੇ ਧਮਾਕਾ ਕਰਨ ਦੀ ਗੱਲ ਕਹੀ ਗਈ ਹੈ। ਇਸ ਵਿੱਚ ਪੰਜਾਬ, ਖਾਲਿਸਤਾਨ ਅਤੇ ਦਿਲਜੀਤ ਦਾ ਜ਼ਿਕਰ ਕਰਦਿਆਂ ਹੋਰ ਥਾਵਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਈਮੇਲ ਵਿੱਚ 12 ਦਸੰਬਰ ਨੂੰ ਮੁੱਲਾਂਪੁਰ ਸਟੇਡੀਅਮ ਵਿੱਚ IED ਧਮਾਕਾ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦਿਲਜੀਤ ਦੇ ਆਈਫੋਨ ਵਿੱਚ ਧਮਾਕਾ ਕਰਨ ਅਤੇ ਉਸ ਦਾ ਆਖ਼ਰੀ ਸਫ਼ਰ ਸ਼ੁਰੂ ਹੋਣ ਵਰਗੀਆਂ ਗੱਲਾਂ ਲਿਖੀਆਂ ਗਈਆਂ ਹਨ। ਇਸ ਤੋਂ ਇਲਾਵਾ, 31 ਦਸੰਬਰ ਤੱਕ ਇੱਕ ਸਮਾਗਮ ਵਿੱਚ ਅਮਿਤਾਭ ਬੱਚਨ ਦੀ ਹੱਤਿਆ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਬੱਚਿਆਂ ਨੂੰ ਸੁਰੱਖਿਅਤ ਰੱਖਣ ਅਤੇ ਸ਼ੋਅ ‘ਚ ਨਾ ਜਾਣ ਦੀ ਚਿਤਾਵਨੀ
ਈਮੇਲ ਵਿੱਚ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ, ਦਿਲਜੀਤ ਦੇ ਸ਼ੋਅ ਵਿੱਚ ਨਾ ਜਾਣ ਅਤੇ ਆਈਫੋਨ ਨਾ ਚੁੱਕਣ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਵਿੱਚ 1984 ਦੀਆਂ ਘਟਨਾਵਾਂ ਅਤੇ ਸਿੱਖਾਂ ਖ਼ਿਲਾਫ਼ ਨਾਅਰਿਆਂ ਦਾ ਜ਼ਿਕਰ ਕਰਦਿਆਂ ਬਦਲਾ ਲੈਣ ਦੀ ਗੱਲ ਵੀ ਕਹੀ ਗਈ ਹੈ।
ਈਮੇਲ ਵਿੱਚ ਖਾਲਿਸਤਾਨ ਨੈਸ਼ਨਲ ਆਰਮੀ ਅਤੇ ਬੱਬਰ ਖਾਲਸਾ (ਪਰਮਾਰ-ਕੈਨੇਡਾ) ਦਾ ਨਾਂ ਵੀ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਗੁਰਨਾਖ ਸਿੰਘ, ਗੁਰਮਿਰਵੈਰ ਸਿੰਘ, ਰਾਜਾਦਾ, ਪ੍ਰੋ. ਗੁਰਕਾਲ ਸਿੰਘ ਸਮੇਤ ਕਈ ਵਿਅਕਤੀਆਂ ਅਤੇ ਥਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਗਈ
ਧਮਕੀ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਬੰਬ ਸਕੁਐਡ ਵੱਲੋਂ ਬੈਂਕ ਕੰਪਲੈਕਸ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਤਲਾਸ਼ੀ ਲਈ ਗਈ, ਪਰ ਕੋਈ ਸ਼ੱਕੀ ਵਸਤੂ ਨਹੀਂ ਮਿਲੀ।
ਪੁਲਿਸ ਹੁਣ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਅਤੇ ਧਮਕੀ ਦੀ ਗੰਭੀਰਤਾ ਦੀ ਜਾਂਚ ਕਰ ਰਹੀ ਹੈ।
ਪਹਿਲਾਂ ਵੀ ਮਿਲ ਚੁੱਕੀਆਂ ਹਨ ਧਮਕੀਆਂ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਚੰਡੀਗੜ੍ਹ ਸਥਿਤ ਪੰਜਾਬ ਅਤੇ ਹਰਿਆਣਾ ਹਾਈਕੋਰਟ, ਜ਼ਿਲ੍ਹਾ ਅਦਾਲਤ, ਪੰਜਾਬ ਸਕੱਤਰੇਤ, ਪਾਸਪੋਰਟ ਦਫ਼ਤਰ, ਸਰਕਾਰੀ ਅਤੇ ਨਿੱਜੀ ਸਕੂਲਾਂ ਤੋਂ ਇਲਾਵਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਮਾਮਲਿਆਂ ਵਿੱਚ ਵੀ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਸੀ।