ਕੇਂਦਰ ਸਰਕਾਰ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਖੰਡ ਦੇ ਸਟਾਕ ਦੀ ਹੱਦ ਘਟਾਈ
- ਡੀਲਰ ਹੁਣ ਰੱਖ ਸਕਣਗੇ 1,000 ਕੁਇੰਟਲ ਤੱਕ
- 15 ਅਕਤੂਬਰ ਤੋਂ 30 ਨਵੰਬਰ ਤੱਕ ਨਵੇਂ ਨਿਯਮ ਲਾਗੂ
- ਵੱਧ ਤੋਂ ਵੱਧ 15 ਦਿਨਾਂ ਦਾ ਸਟਾਕ ਰੱਖਣ ਦੀ ਇਜਾਜ਼ਤ
Central government reduces sugar stock limits: ਨਵੀਂ ਦਿੱਲੀ: ਤਿਉਹਾਰੀ ਸੀਜ਼ਨ ਦੌਰਾਨ ਖੰਡ ਦੀ ਲੋੜੀਂਦੀ ਸਪਲਾਈ ਅਤੇ ਵਾਜਬ ਕੀਮਤਾਂ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਨੇ ਡੀਲਰਾਂ ਲਈ ਖੰਡ ਦੇ ਸਟਾਕ ਦੀ ਹੱਦ ਘਟਾ ਦਿੱਤੀ ਹੈ। ਨਵੇਂ ਨਿਯਮਾਂ ਤਹਿਤ ਦੇਸ਼ ਭਰ ਵਿੱਚ ਡੀਲਰ ਹੁਣ ਵੱਧ ਤੋਂ ਵੱਧ 1,000 ਕੁਇੰਟਲ ਖੰਡ ਦਾ ਸਟਾਕ ਰੱਖ ਸਕਣਗੇ। ਇਸ ਤੋਂ ਇਲਾਵਾ ਕਿਸੇ ਵੀ ਸਟਾਕ ਨੂੰ ਪ੍ਰਾਪਤ ਹੋਣ ਦੀ ਮਿਤੀ ਤੋਂ 15 ਦਿਨਾਂ ਤੋਂ ਵੱਧ ਸਮੇਂ ਤੱਕ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹ ਨਿਯਮ 15 ਅਕਤੂਬਰ ਤੋਂ 30 ਨਵੰਬਰ 2026 ਤੱਕ ਲਾਗੂ ਰਹਿਣਗੇ।
ਹਾਲਾਂਕਿ ਕੋਲਕਾਤਾ ਅਤੇ ਇਸ ਦੇ ਵਿਸਥਾਰਤ ਮਹਾਨਗਰੀ ਇਲਾਕਿਆਂ ਅਤੇ ਅਸਾਮ ਲਈ ਸਟਾਕ ਦੀ ਹੱਦ 2,000 ਕੁਇੰਟਲ ਰੱਖੀ ਗਈ ਹੈ। ਸਰਕਾਰ ਮੁਤਾਬਕ ਇਨ੍ਹਾਂ ਖੇਤਰਾਂ ਦੀਆਂ ਭੂਗੋਲਿਕ ਅਤੇ ਆਵਾਜਾਈ ਸਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਵੱਖਰੀ ਸੀਮਾ ਤੈਅ ਕੀਤੀ ਗਈ ਹੈ।
ਨਵੇਂ ਖੰਡ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ ਫੈਸਲਾ
ਨਵਾਂ ਖੰਡ ਸੀਜ਼ਨ 1 ਅਕਤੂਬਰ ਤੋਂ ਸ਼ੁਰੂ ਹੋ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਦਾ ਮਕਸਦ ਸਪਲਾਈ ਚੇਨ ਵਿੱਚ ਖੰਡ ਦੇ ਬੇਲੋੜੇ ਭੰਡਾਰ ਨੂੰ ਰੋਕਣਾ ਅਤੇ ਮਿੱਲਾਂ ਤੋਂ ਡੀਲਰਾਂ ਰਾਹੀਂ ਖਪਤਕਾਰਾਂ ਤੱਕ ਇਸ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣਾ ਹੈ। ਇਸ ਨਾਲ ਜਮ੍ਹਾਖੋਰੀ ਅਤੇ ਸੱਟੇਬਾਜ਼ੀ ’ਤੇ ਵੀ ਰੋਕ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਪਹਿਲਾਂ ਵੀ ਘਟਾਈ ਗਈ ਸੀ ਸਟਾਕ ਸੀਮਾ
ਸਰਕਾਰ ਨੇ ਜੁਲਾਈ ਵਿੱਚ ਡੀਲਰਾਂ ਲਈ ਖੰਡ ਦਾ ਸਟਾਕ 4,000 ਕੁਇੰਟਲ ਤੱਕ ਸੀਮਤ ਕੀਤਾ ਸੀ। ਇਸ ਤੋਂ ਬਾਅਦ 15 ਸਤੰਬਰ ਤੋਂ ਆਮ ਡੀਲਰਾਂ ਲਈ ਇਹ ਹੱਦ ਘਟਾ ਕੇ 2,000 ਕੁਇੰਟਲ ਕਰ ਦਿੱਤੀ ਗਈ ਸੀ। ਹੁਣ ਇਸ ਨੂੰ ਹੋਰ ਘਟਾ ਕੇ 1,000 ਕੁਇੰਟਲ ਕਰ ਦਿੱਤਾ ਗਿਆ ਹੈ।
ਖੰਡ ਦੀਆਂ ਕੀਮਤਾਂ ਵਿੱਚ ਵੀ ਕਮੀ
ਖਪਤਕਾਰ ਮਾਮਲੇ ਮੰਤਰਾਲੇ ਮੁਤਾਬਕ ਅਗਸਤ ਦੇ ਸਿਖਰਲੇ ਪੱਧਰ ਦੇ ਮੁਕਾਬਲੇ ਖੰਡ ਦੀ ਔਸਤ ਪਰਚੂਨ ਕੀਮਤ ਵਿੱਚ ਕਰੀਬ 15 ਫ਼ੀਸਦੀ ਕਮੀ ਆਈ ਹੈ। ਇਸੇ ਦੌਰਾਨ ਮਿੱਲ ਪੱਧਰ ’ਤੇ ਖੰਡ ਦੀ ਕੀਮਤ ਲਗਭਗ 28 ਫ਼ੀਸਦੀ ਘਟੀ ਹੈ। ਸਰਕਾਰ ਨੇ ਉਮੀਦ ਜਤਾਈ ਹੈ ਕਿ ਮਿੱਲ ਪੱਧਰ ’ਤੇ ਕੀਮਤਾਂ ਵਿੱਚ ਆਈ ਕਮੀ ਦਾ ਲਾਭ ਖਪਤਕਾਰਾਂ ਤੱਕ ਵੀ ਪਹੁੰਚੇਗਾ।
ਸਰਕਾਰ ਨੇ ਇਹ ਵੀ ਕਿਹਾ ਹੈ ਕਿ ਕੁਝ ਖੰਡ ਉਤਪਾਦਕ ਖੇਤਰਾਂ ਵਿੱਚ ਐਲ ਨੀਨੋ ਕਾਰਨ ਘੱਟ ਅਤੇ ਅਸਮਾਨ ਮੀਂਹ ਦੇ ਪ੍ਰਭਾਵ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਘਰੇਲੂ ਉਪਲਬਧਤਾ, ਖਪਤਕਾਰਾਂ ਅਤੇ ਗੰਨਾ ਕਿਸਾਨਾਂ ਦੇ ਹਿੱਤਾਂ ਵਿਚਕਾਰ ਸੰਤੁਲਨ ਬਣਾਈ ਰੱਖਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ।
