Punjab News: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਨੂੰ ਮਨੀਸ਼ ਸਿਸੋਦੀਆ ਦੇ 2027 ਚੋਣਾਂ ਜਿੱਤਣ ਨੂੰ ਲੈ ਕੇ ਦਿੱਤੇ ਬਿਆਨ ‘ਤੇ ਘੇਰਿਆ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ‘ਆਪ’ ਆਗੂ ਦੇ ਬਿਆਨ ਨੂੰ ਬੇਸ਼ਰਮੀ ਭਰਿਆ ਦੱਸਿਆ ਹੈ ਅਤੇ ਭਾਰਤੀ ਚੋਣ ਕਮਿਸ਼ਨ ਨੂੰ ਨੋਟਿਸ ਲੈ ਕੇ ਸਿਸੋਦੀਆ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਬਿੱਲੀ ਥੈਲੇ ‘ਚੋਂ ਬਾਹਰ ਆਈ : ਸੁਖਬੀਰ ਸਿੰਘ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤਿੱਖਾ ਹਮਲਾ ਬੋਲਦਿਆਂ ਕਿਹਾ, ”ਆਖ਼ਰਕਾਰ, ਆਮ ਆਦਮੀ ਪਾਰਟੀ (ਆਪ) ਦੀ ਖੂਨੀ ਬਿੱਲੀ ਬੋਰੀ ਤੋਂ ਬਾਹਰ ਆ ਗਈ ਹੈ। ਉਨ੍ਹਾਂ ਦਾ ਮਖੌਟਾ ਉਤਰ ਗਿਆ ਹੈ ਅਤੇ ਉਨ੍ਹਾਂ ਦਾ ਅਸਲੀ ਚਿਹਰਾ ਦੇਸ਼ ਦੇ ਸਾਹਮਣੇ ਹੈ। ਝੂਠ, ਧੋਖਾਧੜੀ, ਝੂਠੇ ਵਾਅਦੇ ਅਤੇ ਸੱਤਾ ਦੀ ਲਾਲਸਾ ਵਿੱਚ ਅਪਣਾਈ ਗਈ ਗੰਦੀ ਰਾਜਨੀਤੀ – ਇਹ ਸਭ ਉਨ੍ਹਾਂ ਦੇ ਚੋਟੀ ਦੇ ਨੇਤਾ ਮਨੀਸ਼ ਸਿਸੋਦੀਆ ਨੇ ਖੁਦ ਨੰਗਾ ਕਰ ਦਿੱਤਾ ਹੈ।”
ਪੰਜਾਬ ਵਿੱਚ ‘ਆਪ’ ਦੀ ਘੁਸਪੈਠ ਅਤੇ ਧਾਰਮਿਕ ਅਪਮਾਨ ਦੀਆਂ ਘਟਨਾਵਾਂ
ਉਨ੍ਹਾਂ ਕਿਹਾ ਕਿ ਆਪ 2014 ਵਿੱਚ ਪੰਜਾਬ ਵਿੱਚ ਦਾਖਲ ਹੋਈ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ, 2015 ਵਿੱਚ, ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਸ਼ੁਰੂ ਹੋ ਗਈਆਂ। ਉਨ੍ਹਾਂ ਦੇ ਆਪਣੇ ਵਿਧਾਇਕ ਨੂੰ 2016 ਦੇ ਮਲੇਰਕੋਟਲਾ ਬੇਅਦਬੀ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ – ਇਸ ਲਈ ਹੁਣ ਕਿਸੇ ਨੂੰ ਵੀ ਇਸ ਬਾਰੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਇਨ੍ਹਾਂ ਘਟਨਾਵਾਂ ਪਿੱਛੇ ਕੌਣ ਸੀ।
ਉਨ੍ਹਾਂ ਕਿਹਾ ਕਿ ‘ਆਪ’ ਨੇ ਜਾਣਬੁੱਝ ਕੇ ਪੰਜਾਬੀਆਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡਿਆ, ਭਾਈਚਾਰਿਆਂ ਵਿਚਕਾਰ ਤਣਾਅ ਪੈਦਾ ਕੀਤਾ ਅਤੇ ਸਿਰਫ਼ ਸੱਤਾ ਦੀ ਲਾਲਸਾ ਲਈ ਭਰਾ ਨੂੰ ਭਰਾ ਦੇ ਵਿਰੁੱਧ ਖੜ੍ਹਾ ਕਰਨ ਦੀ ਸਾਜ਼ਿਸ਼ ਰਚੀ। ਹੁਣ ਇਹ ਸਭ ਉਨ੍ਹਾਂ ਦੇ ਨੇਤਾ ਨੇ ਖੁਦ ਖੁੱਲ੍ਹ ਕੇ ਕਬੂਲ ਕੀਤਾ ਹੈ।
ਪੰਜਾਬੀਆਂ ਨੂੰ ਅਪੀਲ
ਸੁਖਬੀਰ ਸਿੰਘ ਬਾਦਲ ਨੇ ਕਿਹਾ, ”ਮੈਂ ਪੰਜਾਬ ਦੇ ਹਰ ਨਾਗਰਿਕ ਨੂੰ ਅਪੀਲ ਕਰਦਾ ਹਾਂ ਕਿ ਉਹ ‘ਆਪ’ ਦੀ ਇਸ ਖਤਰਨਾਕ ਸਾਜ਼ਿਸ਼ ਨੂੰ ਪਛਾਣੇ। ਇਹ ਸਿਰਫ਼ ਅਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਅਤੇ ਪੰਜਾਬ ਵਿੱਚ ਦੰਗੇ ਭੜਕਾਉਣ ਦੀ ਸਾਜ਼ਿਸ਼ ਹੈ, ਜੋ ਸੂਬੇ ਨੂੰ ਦੁਬਾਰਾ 80-90 ਦੇ ਦਹਾਕੇ ਦੇ ਕਾਲੇ ਦੌਰ ਵੱਲ ਧੱਕ ਸਕਦੀ ਹੈ।”
ਚੋਣ ਕਮਿਸ਼ਨ ਤੋਂ ਸਖ਼ਤ ਕਾਰਵਾਈ ਦੀ ਮੰਗ
ਉਨ੍ਹਾਂ ਕਿਹਾ, ”ਮੈਂ ਭਾਰਤ ਦੇ ਚੋਣ ਕਮਿਸ਼ਨ ਤੋਂ ਮੰਗ ਕਰਦਾ ਹਾਂ ਕਿ ਮਨੀਸ਼ ਸਿਸੋਦੀਆ ਦੇ ਇਨ੍ਹਾਂ ਭੜਕਾਊ ਅਤੇ ਇਕਬਾਲੀਆ ਬਿਆਨਾਂ ਦਾ ਨੋਟਿਸ ਲੈਂਦਿਆਂ, ਉਨ੍ਹਾਂ ਦੀ ਜ਼ਮਾਨਤ ਤੁਰੰਤ ਰੱਦ ਕੀਤੀ ਜਾਵੇ (ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ)। ਇਸ ਤੋਂ ਇਲਾਵਾ, ਆਮ ਆਦਮੀ ਪਾਰਟੀ ‘ਤੇ ਪੰਜਾਬ ਵਿੱਚ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਤਾਂ ਜੋ ਇਸ ਸੰਵੇਦਨਸ਼ੀਲ ਸਰਹੱਦੀ ਸੂਬੇ ਨੂੰ ਇੱਕ ਵਾਰ ਫਿਰ ਹਿੰਸਾ ਦੀ ਅੱਗ ਵਿੱਚ ਨਾ ਸੁੱਟਿਆ ਜਾਵੇ।”
ਮਨੀਸ਼ ਸਿਸੋਦੀਆ ਖਿਲਾਫ਼ ਸਖਤ ਕਾਰਵਾਈ ਦੀ ਮੰਗ
ਇਸ ਦੇ ਨਾਲ ਹੀ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ, ”ਭਾਰਤ ਦੇ ਨਿਆਂਪਾਲਿਕਾ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਸਮਾਜ ਵਿੱਚ ਦੁਸ਼ਮਣੀ ਅਤੇ ਖੂਨ-ਖਰਾਬਾ ਫੈਲਾਉਣ ਲਈ ਮਨੀਸ਼ ਸਿਸੋਦੀਆ ਵਿਰੁੱਧ ਤੁਰੰਤ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।”