ਅੱਜ ਦੇਸ਼ ਭਰ ਵਿੱਚ ਬੈਂਕਾਂ ਦੀ ਹੜਤਾਲ: ਕਰਮਚਾਰੀ 5 ਦਿਨਾਂ ਦੇ ਕੰਮਕਾਜੀ ਦਿਨ ਦੀ ਮੰਗ ‘ਤੇ ਅੜੇ
Nationwide bank strike today: ਨਵੀਂ ਦਿੱਲੀ: ਦੇਸ਼ ਭਰ ਵਿੱਚ SBI, PNB ਅਤੇ ਯੂਨੀਅਨ ਬੈਂਕ ਸਮੇਤ ਕਈ ਸਰਕਾਰੀ ਅਤੇ ਕੁਝ ਨਿੱਜੀ ਬੈਂਕਾਂ ਦੀਆਂ ਸ਼ਾਖਾਵਾਂ ਅੱਜ ਤੋਂ ਲਗਾਤਾਰ ਤਿੰਨ ਦਿਨ ਬੰਦ ਰਹਿਣਗੀਆਂ। ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (UFBU) ਵੱਲੋਂ ਦੋ ਸਾਲ ਤੋਂ ਲੰਬਿਤ ਹਫ਼ਤੇ ਵਿੱਚ 5 ਦਿਨ ਬੈਂਕਿੰਗ ਦੀ ਮੰਗ ਨੂੰ ਲੈ ਕੇ ਅੱਜ, ਸ਼ੁੱਕਰਵਾਰ ਨੂੰ ਇੱਕ ਦਿਨ ਦੀ ਦੇਸ਼ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਹੜਤਾਲ ਤੋਂ ਬਾਅਦ 12 ਸਤੰਬਰ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਅਤੇ 13 ਸਤੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਸ਼ਾਖਾਵਾਂ ਬੰਦ ਰਹਿਣਗੀਆਂ। ਇਸ ਕਾਰਨ ਗਾਹਕਾਂ ਨੂੰ ਲਗਾਤਾਰ ਤਿੰਨ ਦਿਨ ਸ਼ਾਖਾ ਪੱਧਰ ਦੀਆਂ ਸੇਵਾਵਾਂ ਵਿੱਚ ਦਿੱਕਤ ਆ ਸਕਦੀ ਹੈ।
ਮੁੱਖ ਕਿਰਤ ਕਮਿਸ਼ਨਰ ਦਫ਼ਤਰ ਵਿੱਚ ਵਿੱਤੀ ਸੇਵਾ ਵਿਭਾਗ (DFS), ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਅਤੇ ਬੈਂਕ ਯੂਨੀਅਨਾਂ ਵਿਚਾਲੇ ਹੋਈ ਗੱਲਬਾਤ ਬੇਨਤੀਜਾ ਰਹਿਣ ਤੋਂ ਬਾਅਦ ਯੂਨੀਅਨਾਂ ਨੇ ਹੜਤਾਲ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਆਲ ਇੰਡੀਆ ਬੈਂਕ ਆਫ਼ਿਸਰਜ਼ ਕਨਫੈਡਰੇਸ਼ਨ (AIBOC) ਦੇ ਜਨਰਲ ਸਕੱਤਰ ਰੂਪਮ ਰਾਏ ਅਤੇ UFBU ਆਗੂਆਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਹਫ਼ਤੇ ਵਿੱਚ 5 ਦਿਨ ਬੈਂਕਿੰਗ ਦੀ ਮੰਗ ’ਤੇ ਕੋਈ ਠੋਸ ਫੈਸਲਾ ਜਾਂ ਨਿਸ਼ਚਿਤ ਸਮਾਂ-ਸੀਮਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਹੜਤਾਲ ਮੁਲਤਵੀ ਨਹੀਂ ਕੀਤੀ ਜਾਵੇਗੀ।
ਚੈੱਕ ਕਲੀਅਰੈਂਸ ਤੇ ਕਾਊਂਟਰ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ
ਦੇਸ਼ਵਿਆਪੀ ਹੜਤਾਲ ਕਾਰਨ ਸ਼ੁੱਕਰਵਾਰ, 11 ਸਤੰਬਰ ਨੂੰ ਖਾਸ ਕਰਕੇ ਸਰਕਾਰੀ ਬੈਂਕਾਂ ਵਿੱਚ ਚੈੱਕ ਕਲੀਅਰੈਂਸ, ਨਕਦੀ ਜਮ੍ਹਾਂ ਕਰਵਾਉਣ ਅਤੇ ਕਾਊਂਟਰ ਸੇਵਾਵਾਂ ਵਰਗੇ ਕੰਮ ਪ੍ਰਭਾਵਿਤ ਹੋ ਸਕਦੇ ਹਨ। ਹਾਲਾਂਕਿ RBI ਦੇ ਅਧਿਕਾਰਤ ਹਾਲੀਡੇ ਕੈਲੰਡਰ ਮੁਤਾਬਕ 11 ਸਤੰਬਰ ਨੂੰ ਦਿੱਲੀ ਵਿੱਚ ਬੈਂਕਾਂ ਦੀ ਕੋਈ ਸਰਕਾਰੀ ਛੁੱਟੀ ਨਹੀਂ ਹੈ। ਇਸ ਲਈ ਜੇਕਰ ਹੜਤਾਲ ਕਾਰਨ ਸ਼ਾਖਾਵਾਂ ਵਿੱਚ ਕਰਮਚਾਰੀ ਮੌਜੂਦ ਨਾ ਹੋਣ ਤਾਂ ਕਾਊਂਟਰ ਸੇਵਾਵਾਂ ਪ੍ਰਭਾਵਿਤ ਹੋਣਗੀਆਂ।
UPI ਅਤੇ ATM ਸੇਵਾਵਾਂ ਰਹਿਣਗੀਆਂ ਚਾਲੂ
ਬੈਂਕ ਹੜਤਾਲ ਦੇ ਬਾਵਜੂਦ UPI, ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਂਕਿੰਗ ਐਪ ਅਤੇ ATM ਵਰਗੀਆਂ ਡਿਜੀਟਲ ਸੇਵਾਵਾਂ ਆਮ ਤੌਰ ’ਤੇ ਚਾਲੂ ਰਹਿਣ ਦੀ ਸੰਭਾਵਨਾ ਹੈ। ਇਸ ਲਈ ਗਾਹਕਾਂ ਨੂੰ ਜ਼ਰੂਰੀ ਜਾਂ ਐਮਰਜੈਂਸੀ ਲੈਣ-ਦੇਣ ਲਈ ਡਿਜੀਟਲ ਬੈਂਕਿੰਗ ਸਾਧਨਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
