ਸ਼ਰਮਨਾਕ ਕਾਰਾ: 12 ਸਾਲਾ ਮਤਰੇਈ ਧੀ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਾ ਪਿਤਾ ਰੰਗੇ ਹੱਥੀਂ ਕਾਬੂ ਤੋ ਬਾਅਦ ਫਰਾਰ, POCSO ਐਕਟ ਤਹਿਤ ਮਾਮਲਾ ਦਰਜ
Chandigarh POCSO case: ਰਾਜਧਾਨੀ ਚੰਡੀਗੜ੍ਹ ਦੇ ਆਈਟੀ ਪਾਰਕ (IT Park) ਇਲਾਕੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇੱਕ ਬੇਹੱਦ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਮਤਰੇਏ ਪਿਤਾ ਵੱਲੋਂ ਆਪਣੀ ਹੀ 12 ਸਾਲ ਦੀ ਨਾਬਾਲਗ ਧੀ ਨਾਲ ਪਿਛਲੇ ਕਈ ਮਹੀਨਿਆਂ ਤੋਂ ਅਸ਼ਲੀਲ ਹਰਕਤਾਂ ਅਤੇ ਛੇੜਛਾੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਮਾਸੂਮ ਬੱਚੀ ਡਰ ਦੇ ਮਾਰੇ ਲੰਮਾ ਸਮਾਂ ਚੁੱਪ ਰਹੀ, ਪਰ ਅਖ਼ੀਰ ਉਸ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਇਸ ਹਵਸ ਦੀ ਪੂਰੀ ਕਹਾਣੀ ਦੱਸੀ। ਇਸ ਤੋਂ ਬਾਅਦ ਜਦੋਂ ਮਾਂ ਨੇ ਮੁਲਜ਼ਮ ‘ਤੇ ਨਜ਼ਰ ਰੱਖੀ ਤਾਂ ਉਸ ਨੂੰ ਧੀ ਨਾਲ ਗਲਤ ਹਰਕਤਾਂ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਵਿਰੋਧ ਕਰਨ ‘ਤੇ ਮੁਲਜ਼ਮ ਪਤਨੀ ਦੀ ਕੁੱਟਮਾਰ ਕਰਕੇ ਮੌਕੇ ਤੋਂ ਫਰਾਰ ਹੋ ਗਿਆ। ਆਈਟੀ ਪਾਰਕ ਥਾਣਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਮੁਲਜ਼ਮ ਖ਼ਿਲਾਫ਼ ਪੋਕਸੋ (POCSO) ਐਕਟ ਦੀਆਂ ਸਖ਼ਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਪੰਚਕੂਲਾ ਦੇ ਸਰਕਾਰੀ ਮੁਲਾਜ਼ਮ ਨਾਲ ਕੀਤਾ ਸੀ ਦੂਜਾ ਵਿਆਹ
ਪੀੜਤ ਬੱਚੀ ਦੀ ਮਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਪਹਿਲੇ ਪਤੀ ਦੇ ਦੇਹਾਂਤ ਤੋਂ ਬਾਅਦ ਉਸ ਦੀ 12 ਸਾਲ ਦੀ ਇੱਕ ਧੀ ਹੈ। ਲਗਭਗ ਚਾਰ ਸਾਲ ਪਹਿਲਾਂ ਉਸ ਦੀ ਮੁਲਾਕਾਤ ਪੰਚਕੂਲਾ ਦੇ ਰਹਿਣ ਵਾਲੇ ਹਗਸ਼ ਸ਼ਰਮਾ ਨਾਲ ਹੋਈ ਸੀ, ਜੋ ਪੰਚਕੂਲਾ ਵਿਖੇ ਜਲ ਸਪਲਾਈ ਵਿਭਾਗ (Water Supply Department) ਵਿੱਚ ਸਰਕਾਰੀ ਨੌਕਰੀ ਕਰਦਾ ਹੈ। ਲੰਮਾ ਸਮਾਂ ਰਿਲੇਸ਼ਨਸ਼ਿਪ ਵਿੱਚ ਰਹਿਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਬਾਅਦ ਔਰਤ ਨੂੰ ਪਤਾ ਲੱਗਾ ਕਿ ਹਰਸ਼ ਨਸ਼ੇ ਕਰਨ ਦਾ ਆਦੀ ਸੀ। ਇਸ ਤੋਂ ਬਾਅਦ ਹਰਸ਼ ਚੰਡੀਗੜ੍ਹ ਸਥਿਤ ਔਰਤ ਦੇ ਘਰ ਹੀ ਰਹਿਣ ਲੱਗ ਪਿਆ ਸੀ।
ਰਾਤ ਵੇਲੇ ਮਾਂ ਨੇ ਅੱਖੀਂ ਦੇਖਿਆ ਘਿਨਾਉਣਾ ਕਾਰਾ
ਔਰਤ ਮੁਤਾਬਕ ਪਹਿਲੀ ਵਾਰ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ ਮੁਲਜ਼ਮ ਹਰਸ਼ ਨੇ ਬੱਚੀ ਨੂੰ ਜ਼ਬਰਦਸਤੀ ਫੜ ਕੇ ਉਸ ਨਾਲ ਅਸ਼ਲੀਲ ਹਰਕਤ ਕੀਤੀ ਸੀ। ਜਦੋਂ ਬੱਚੀ ਨੇ ਮਾਂ ਨੂੰ ਦੱਸਿਆ ਤਾਂ ਮਾਂ ਨੇ ਹਰਸ਼ ਦਾ ਸਾਹਮਣਾ ਕੀਤਾ, ਪਰ ਉਸ ਨੇ ਝੂਠੀਆਂ ਸਹੁੰਆਂ ਖਾ ਕੇ ਆਪਣਾ ਗੁਨਾਹ ਛੁਪਾ ਲਿਆ। ਔਰਤ ਨੂੰ ਉਸ ‘ਤੇ ਸ਼ੱਕ ਸੀ, ਇਸ ਲਈ ਉਹ ਲਗਾਤਾਰ ਆਪਣੀ ਧੀ ਦੀ ਸੁਰੱਖਿਆ ਲਈ ਚੌਕਸ ਰਹਿਣ ਲੱਗੀ।
ਮਈ ਮਹੀਨੇ ਦੀ ਇੱਕ ਰਾਤ ਨੂੰ ਜਦੋਂ ਪੂਰਾ ਪਰਿਵਾਰ ਕਮਰੇ ਵਿੱਚ ਸੌ ਰਿਹਾ ਸੀ, ਤਾਂ ਹਰਸ਼ ਨੇ ਪੱਖੇ ਦੀ ਹਵਾ ਨਾ ਆਉਣ ਦਾ ਬਹਾਨਾ ਬਣਾਇਆ ਅਤੇ ਔਰਤ ਤੇ ਉਸ ਦੀ ਧੀ ਦੇ ਵਿਚਕਾਰ ਸੌਣ ਦੀ ਜ਼ਿੱਦ ਕੀਤੀ। ਔਰਤ ਨੇ ਸ਼ੱਕ ਹੋਣ ‘ਤੇ ਜਾਗਦੇ ਹੋਏ ਵੀ ਸੌਣ ਦਾ ਨਾਟਕ ਕੀਤਾ। ਕੁਝ ਦੇਰ ਬਾਅਦ ਹਰਸ਼ ਨੇ ਦੂਜੇ ਪਾਸੇ ਮੁੜ ਕੇ ਬੱਚੀ ਨਾਲ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰਤ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਹਰਸ਼ ਦੇ ਮੂੰਹ ‘ਤੇ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਦੋਵਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋਈ, ਜਿਸ ਵਿੱਚ ਹਰਸ਼ ਨੇ ਔਰਤ ‘ਤੇ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਭੱਗ ਨਿਕਲਿਆ।
SSP ਤੱਕ ਪਹੁੰਚਣ ਤੋਂ ਬਾਅਦ ਦਰਜ ਹੋਈ FIR, ਮੁਲਜ਼ਮ ਦੀ ਭਾਲ ਜਾਰੀ
ਪੀੜਤ ਬੱਚੀ ਦੀ ਮਾਂ ਨੇ ਦੋਸ਼ ਲਗਾਇਆ ਕਿ ਸ਼ੁਰੂਆਤ ਵਿੱਚ ਸਥਾਨਕ ਪੁਲਿਸ ਉਸ ਦੀ ਫ਼ਰਿਆਦ ਸੁਣਨ ਲਈ ਤਿਆਰ ਨਹੀਂ ਸੀ। ਇਸ ਤੋਂ ਬਾਅਦ ਔਰਤ ਨੇ ਹਿੰਮਤ ਦਿਖਾਉਂਦੇ ਹੋਏ ਚੰਡੀਗੜ੍ਹ ਦੇ ਐੱਸਐੱਸਪੀ (SSP) ਨੂੰ ਲਿਖਤੀ ਸ਼ਿਕਾਇਤ ਭੇਜੀ। ਐੱਸਐੱਸਪੀ ਦੇ ਦਖ਼ਲ ਤੋਂ ਬਾਅਦ ਮਾਮਲਾ ਆਈਟੀ ਪਾਰਕ ਥਾਣੇ ਤਬਦੀਲ ਕੀਤਾ ਗਿਆ, ਜਿੱਥੇ ਪੁਲਿਸ ਨੇ ਮਾਂ-ਧੀ ਦੇ ਬਿਆਨ ਕਲਮਬੱਧ ਕਰਕੇ ਮੁਲਜ਼ਮ ਹਰਸ਼ ਸ਼ਰਮਾ ਵਿਰੁੱਧ ਅਧਾਰਤ ਧਾਰਾਵਾਂ ਤਹਿਤ ਐਫ਼ਆਈਆਰ (FIR) ਦਰਜ ਕੀਤੀ। ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਪਛਾਣ ਹੋ ਚੁੱਕੀ ਹੈ ਅਤੇ ਉਸ ਨੂੰ ਜਲਦ ਤੋਂ ਜਲਦ ਸਲਾਖਾਂ ਪਿੱਛੇ ਭੇਜਣ ਲਈ ਵੱਖ-ਵੱਖ ਥਾਵਾਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।