Krishn Janmashtami; 15 ਅਗਸਤ ਰਾਤ 11:50 ਤੋਂ 16 ਅਗਸਤ ਰਾਤ 9:35 ਤੱਕ ਰਹੇਗੀ ਕ੍ਰਿਸ਼ਨ ਜਨਮ ਅਸ਼ਟਮੀ
Pandit Sunil Dutt; ਪੰਡਿਤ ਸੁਨੀਲ ਦੱਤ ਸ਼ਰਮਾ ਦੇ ਅਨੁਸਾਰ, ਇਸ ਵਾਰ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੁਰੂਆਤ 15 ਅਗਸਤ ਰਾਤ 11 ਵਜੇ 50 ਮਿੰਟ ‘ਤੇ ਹੋਵੇਗੀ ਅਤੇ ਸਮਾਪਤੀ 16 ਅਗਸਤ ਰਾਤ 9 ਵਜੇ 35 ਮਿੰਟ ‘ਤੇ ਹੋਵੇਗੀ। ਉਹਨਾਂ ਕਿਹਾ ਕਿ ਗ੍ਰਹਿਸਤੀ ਲੋਕਾਂ ਲਈ 15 ਅਗਸਤ ਦੀ ਤਾਰੀਖ ਵਧੀਆ ਹੈ, ਜਦਕਿ ਵੈਸ਼ਨਵ ਸੰਪਰਦਾਇ ਨਾਲ ਸੰਬੰਧਤ ਲੋਕਾਂ ਲਈ 16 ਅਗਸਤ ਠੀਕ ਮੰਨੀ ਜਾਂਦੀ ਹੈ।
ਸਮਰਥ ਅਤੇ ਵੈਸ਼ਨਵ ਵਿਚ ਫਰਕ
ਪੰਡਿਤ ਜੀ ਨੇ ਸਮਝਾਇਆ ਕਿ ਗ੍ਰਹਿਸਤੀ ਲੋਕਾਂ ਨੂੰ “ਸਮਰਥ” ਕਿਹਾ ਜਾਂਦਾ ਹੈ, ਜੋ ਆਪਣੇ ਕੰਮ ਤਾਰੀਖ ਦੇ ਹਿਸਾਬ ਨਾਲ ਕਰਦੇ ਹਨ। 90% ਲੋਕ ਗ੍ਰਹਿਸਤੀ ਹੁੰਦੇ ਹਨ, ਇਸ ਲਈ ਉਨ੍ਹਾਂ ਲਈ 15 ਅਗਸਤ ਚੰਗੀ ਮੰਨੀ ਗਈ ਹੈ। ਵੈਸ਼ਨਵ ਉਹ ਹਨ ਜਿਨ੍ਹਾਂ ਨੇ ਕਿਸੇ ਵਿਸ਼ੇਸ਼ ਸੰਪਰਦਾਇ ਤੋਂ ਗੁਰੂ ਨਾਮ ਲਿਆ ਹੋਵੇ, ਜਿਵੇਂ ਕਿ ਸੰਨਿਆਸੀ ਜਾਂ ਵਿਧਵਾ ਔਰਤਾਂ। ਉਨ੍ਹਾਂ ਲਈ 16 ਅਗਸਤ ਅਸ਼ਟਮੀ ਮਨਾਉਣਾ ਠੀਕ ਹੈ।
ਜਨਮ ਅਸ਼ਟਮੀ ਦੇ ਵਰਤ ਅਤੇ ਪੂਜਾ ਵਿਧੀ
ਪੰਡਿਤ ਸੁਨੀਲ ਦੱਤ ਸ਼ਰਮਾ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਦੇ ਜਨਮ ਦਿਨ ਵਰਤ ਰੱਖਣਾ ਬਹੁਤ ਸ਼ੁਭ ਹੈ। ਲੱਡੂ ਗੋਪਾਲ ਜੀ ਨੂੰ ਗੰਗਾਜਲ ਨਾਲ ਇਸ਼ਨਾਨ ਕਰਵਾ ਕੇ, ਸੋਹਣੇ ਵਸਤਰ ਪਹਿਨਾ ਕੇ, ਮੋਰ ਪੰਖ ਚੜ੍ਹਾ ਕੇ ਅਤੇ ਸੁਗੰਧਿਤ ਭੋਗ ਲਗਾ ਕੇ ਪੂਜਾ ਕਰਨੀ ਚਾਹੀਦੀ ਹੈ। ਜੇ ਕਿਸੇ ਨੂੰ ਸ਼ਾਸਤਰੀ ਪਾਠ ਨਹੀਂ ਆਉਂਦਾ ਤਾਂ “ਹਰੇ ਕ੍ਰਿਸ਼ਨਾ ਹਰੇ ਰਾਮਾ” ਦਾ ਜਾਪ ਕਰਨਾ ਵੀ ਉਤਮ ਹੈ।
ਰਾਤ 12 ਵਜੇ ਜਨਮ ਮਹੱਤਵ
ਪੰਡਿਤ ਜੀ ਨੇ ਦੱਸਿਆ ਕਿ ਕ੍ਰਿਸ਼ਨ ਜੀ ਦਾ ਜਨਮ ਰਾਤ 12 ਵਜੇ ਹੋਇਆ ਸੀ, ਇਸ ਲਈ ਇਸ ਦਿਨ ਮੰਦਰ ਸਾਰੀ ਰਾਤ ਖੁੱਲੇ ਰਹਿੰਦੇ ਹਨ। ਭਗਤ ਆਪਣੇ ਘਰਾਂ ਵਿੱਚ ਬਾਲਕ ਰੂਪ ਵਿੱਚ ਕ੍ਰਿਸ਼ਨ ਜੀ ਦੀ ਸਥਾਪਨਾ ਕਰਦੇ ਹਨ ਅਤੇ ਝੂਲਾ ਸਜਾਉਂਦੇ ਹਨ। ਬੱਚਿਆਂ ਨੂੰ ਕ੍ਰਿਸ਼ਨ ਜੀ ਵਾਂਗ ਸਜਾਉਣ ਦੀ ਪ੍ਰਥਾ ਵੀ ਲੋਕਾਂ ਵਿੱਚ ਪ੍ਰਚਲਿਤ ਹੈ, ਪਰ ਮਰਿਆਦਾ ਅੰਦਰ ਰਹਿ ਕੇ ਕਰਨੀ ਚਾਹੀਦੀ ਹੈ।